ਚਾਰ ਪ੍ਰਗਟਾਵੇ, ਇੱਕ ਜੀਵਨ
ਅਬਰਾਹਾਮ ਦੀ ਮਹਾਨਤਾ ਦਾ ਲੁਕਿਆ ਹੋਇਆ ਭੇਤ
“ਕਿਉਂਕਿ ਅਬਰਾਹਾਮ ਨੇ ਮੇਰੀ ਗੱਲ ਮੰਨੀ, ਮੇਰੀ ਆਗਿਆ ਮੰਨੀ, ਮੇਰੇ ਹੁਕਮਾਂ, ਮੇਰੀਆਂ ਵਿਧੀਆਂ ਅਤੇ ਮੇਰੀਆਂ ਬਿਵਸਥਾਵਾਂ ਦੀ ਪਾਲਣਾ ਕੀਤੀ।”
— ਉਤਪਤ 26:5
ਇਹ ਚਾਰ ਸ਼ਬਦ ਮਿਲ ਕੇ ਇੱਕ ਅਜੇਹੇ ਮਨੁੱਖ ਦੀ ਚਰਿੱਤਰ ਪੇਸ਼ ਕਰਦੇ ਹਨ ਜਿਸ ਨੇ ਆਪਣੇ ਜੀਵਨ ਦੇ ਹਰ ਖੇਤਰ ਨੂੰ ਪਰਮੇਸ਼ੁਰ ਦੇ ਅਧਿਕਾਰ ਅਧੀਨ ਸਮਰਪਿਤ ਕਰ ਦਿੱਤਾ ਸੀ।
ਜ਼ਿਆਦਾਤਰ ਵਿਸ਼ਵਾਸੀ ਅਬਰਾਹਾਮ ਦਾ ਸਤਿਕਾਰ ਇਸ ਲਈ ਕਰਦੇ ਹਨ ਕਿਉਂਕਿ ਉਸ ਨੂੰ ਬੁੱਢਾਪੇ ਵਿੱਚ ਇਸਹਾਕ ਪ੍ਰਾਪਤ ਹੋਇਆ। ਕੁਝ ਲੋਕ ਉਸ ਦੀ ਇਸ ਲਈ ਪ੍ਰਸ਼ੰਸਾ ਕਰਦੇ ਹਨ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਉਸ ਵਾਅਦੇ ‘ਤੇ ਵਿਸ਼ਵਾਸ ਕੀਤਾ ਜੋ ਮਨੁੱਖੀ ਨਜ਼ਰ ਵਿੱਚ ਅਸੰਭਵ ਜਾਪਦਾ ਸੀ। ਨਿਸ਼ਚਿਤ ਹੀ ਇਹ ਦੋਵੇਂ ਗੱਲਾਂ ਮਹਾਨ ਹਨ, ਪਰ ਪਰਮੇਸ਼ੁਰ ਆਪ ਅਬਰਾਹਾਮ ਬਾਰੇ ਇਸ ਤੋਂ ਵੀ ਵੱਡੀ ਗੱਲ ਦੱਸਦਾ ਹੈ।
ਜਦੋਂ ਪਰਮੇਸ਼ੁਰ ਨੇ ਇਸਹਾਕ ਨਾਲ ਆਪਣਾ ਨੇਮ ਦੁਬਾਰਾ ਪੱਕਾ ਕੀਤਾ, ਤਾਂ ਉਸ ਨੇ ਇਹ ਨਹੀਂ ਕਿਹਾ, “ਕਿਉਂਕਿ ਅਬਰਾਹਾਮ ਨੇ ਇੱਕ ਵਾਰ ਮੇਰੇ ਵਾਅਦੇ ‘ਤੇ ਵਿਸ਼ਵਾਸ ਕੀਤਾ ਸੀ।” ਨਾ ਹੀ ਉਸ ਨੇ ਇਹ ਕਿਹਾ, “ਕਿਉਂਕਿ ਅਬਰਾਹਾਮ ਨੇ ਇਸਹਾਕ ਨੂੰ ਅਰਪਿਤ ਕੀਤਾ।” ਇਸ ਦੀ ਬਜਾਇ, ਪਰਮੇਸ਼ੁਰ ਨੇ ਆਪ ਇਹ ਗਵਾਹੀ ਦਿੱਤੀ:
“ਕਿਉਂਕਿ ਅਬਰਾਹਾਮ ਨੇ ਮੇਰੀ ਅਵਾਜ਼ ਸੁਣੀ, ਮੇਰੀ ਆਗਿਆ ਮੰਨੀ, ਮੇਰੇ ਹੁਕਮਾਂ, ਮੇਰੀਆਂ ਵਿਧੀਆਂ ਅਤੇ ਮੇਰੀਆਂ ਬਿਵਸਥਾਵਾਂ ਦੀ ਪਾਲਣਾ ਕੀਤੀ।” (ਉਤਪਤ 26:5)
ਇਹੀ ਅਬਰਾਹਾਮ ਬਾਰੇ ਸਵਰਗ ਦਾ ਮੁਲਾਂਕਣ ਹੈ।
ਅਬਰਾਹਾਮ ਉਹ ਮਨੁੱਖ ਨਹੀਂ ਸੀ ਜੋ ਕਦੇ-ਕਦੇ ਹੀ ਵਿਸ਼ਵਾਸ ਦਿਖਾਉਂਦਾ ਸੀ। ਬਹੁਤ ਸਾਰੇ ਮਸੀਹੀ ਵਿਸ਼ਵਾਸ਼ਦੇ ਕੁਝ ਪਰਮੁੱਖ ਪਲਾਂ ਦੀ ਤਾਰੀਫ਼ ਕਰਦੇ ਹਨ—ਓਹ ਉਸਦੇ ਊਰ ਨੂੰ ਛੱਡਣ, ਇਸਹਾਕ ਦੀ ਉਡੀਕ ਕਰਨ ਜਾਂ ਆਪਣੇ ਪੁੱਤਰ ਨੂੰ ਬਲੀ ਚੜ੍ਹਾਉਣ ਦੀ ਘਟਨਾ ਨੂੰ ਯਾਦ ਰੱਖਦੇ ਹਨ। ਪਰ ਪਰਮੇਸ਼ੁਰ ਨੇ ਉਸ ਦੇ ਪੂਰੇ ਜੀਵਨ ਨੂੰ ਯਾਦ ਰੱਖਿਆ।
ਅਬਰਾਹਾਮ ਦਾ ਵਿਸ਼ਵਾਸ ਸਿਰਫ਼ ਇੱਕ ਘਟਨਾ ਨਹੀਂ ਸੀ; ਇਹ ਉਸ ਦੀ ਜੀਵਨ-ਸ਼ੈਲੀ ਸੀ। ਉਸ ਦੀ ਆਗਿਆਕਾਰੀ ਭਾਵਨਾਵਾਂ, ਹਾਲਾਤਾਂ ਜਾਂ ਸਹੂਲਤਾਂ ‘ਤੇ ਨਿਰਭਰ ਨਹੀਂ ਸੀ। ਉਹ ਲਗਾਤਾਰ ਬਣੀ ਰਹੀ।
ਮੂਸਾ ਨੂੰ ਸੀਨਾਈ ਪਹਾੜ ‘ਤੇ ਬਿਵਸਥਾ ਮਿਲਣ ਤੋਂ ਕਾਫ਼ੀ ਪਹਿਲਾਂ ਹੀ ਅਬਰਾਹਾਮ ਪਰਮੇਸ਼ੁਰ ਦੀ ਸਿੱਖਿਆ ਅਤੇ ਹਿਦਾਇਤਾਂ ਨੂੰ ਅਨਮੋਲ ਸਮਝਦਾ ਸੀ। ਪਰਮੇਸ਼ੁਰ ਨੇ ਜੋ ਵੀ ਪ੍ਰਕਾਸ਼ਨ ਓਸ ਨੂੰ ਦਿੰਦਾ ਸੀ ਉਹ ਓਸ ਦੇ ਜੀਵਨ ਦਾ ਨਿਯਮ ਬਾਂ ਜਾਂਦਾ ਸੀ।
ਧਿਆਨ ਦਿਓ, ਪਰਮੇਸ਼ੁਰ ਇੱਥੇ ਅਬਰਾਹਾਮ ਦੇ ਕਈ ਦਹਾਕਿਆਂ ਦੇ ਜੀਵਨ ਵੱਲ ਦੇਖ਼ ਕੇ ਇਹ ਗਵਾਹੀ ਦੇ ਰਿਹਾ ਹੈ। ਅਬਰਾਹਾਮ ਸੰਪੂਰਨ ਨਹੀਂ ਸੀ। ਉਸ ਤੋਂ ਵੀ ਗਲਤੀਆਂ ਹੋਈਆਂ। ਉਹ ਵੀ ਠੋਕਰ ਖਾ ਗਿਆ। ਫਿਰ ਵੀ ਉਸ ਦੇ ਪੂਰੇ ਜੀਵਨ ਦੀ ਗਵਾਹੀ ਇਹੀ ਰਹੀ ਕਿ ਉਹ ਪਰਮੇਸ਼ੁਰ ਦਾ ਆਗਿਆਕਾਰੀ ਮਨੁੱਖ ਸੀ।
ਪਰਮੇਸ਼ੁਰ ਨੇ ਇਸਹਾਕ ਨੂੰ ਕੇਵਲ ਇਸ ਲਈ ਅਸੀਸ ਨਹੀਂ ਦਿੱਤੀ ਕਿ ਅਬਰਾਹਾਮ ਨੇ ਕਦੇ ਵਿਸ਼ਵਾਸ ਕੀਤਾ ਸੀ, ਸਗੋਂ ਇਸ ਲਈ ਕਿ ਉਸ ਨੇ ਸਾਰੀ ਉਮਰ ਵਫ਼ਾਦਾਰ ਆਗਿਆਕਾਰੀ ਦਾ ਰਸਤਾ ਚੁਣਿਆ।
ਬਹੁਤ ਸਾਰੇ ਲੋਕ ਅਬਰਾਹਾਮ ਦੀਆਂ ਅਸੀਸਾਂ ਤਾਂ ਚਾਹੁੰਦੇ ਹਨ, ਪਰ ਬਹੁਤ ਘੱਟ ਲੋਕ ਅਬਰਾਹਾਮ ਵਰਗਾ ਜੀਵਨ ਜੀਉਣਾ ਚਾਹੁੰਦੇ ਹਨ।
ਜਿਸ ਪਰਮੇਸ਼ੁਰ ਨੇ ਅਬਰਾਹਾਮ ਦਾ ਆਦਰ ਕੀਤਾ, ਉਹ ਅੱਜ ਵੀ ਅਜਿਹੇ ਇਸਤਰੀਆਂ ਅਤੇ ਪੁਰਸ਼ਾਂ ਨੂੰ ਲੱਭ ਰਿਹਾ ਹੈ ਜੋ—
ਉਸ ਦੀ ਅਵਾਜ਼ ਨੂੰ ਸੁਣੋ
ਉਸ ਦੀ ਆਗਿਆ ਦੀ ਪਾਲਣਾ ਕਰੋ।
ਉਸ ਦੇ ਹੁਕਮਾਂ ਨੂੰ ਮਨੋ।
ਉਸ ਦੀਆਂ ਵਿਧੀਆਂ ਦਾ ਆਦਰ ਕਰੋ।
ਉਸ ਦੀਆਂ ਹਿਦਾਇਤਾਂ ਅਨੁਸਾਰ ਜੀਵਨ ਬਿਤਾਓ।
ਅਬਰਾਹਾਮ ਦਾ ਸਭ ਤੋਂ ਵੱਡਾ ਚਮਤਕਾਰ ਇਹ ਨਹੀਂ ਸੀ ਕਿ ਉਸ ਨੂੰ ਬੁੱਢਾਪੇ ਵਿੱਚ ਪੁੱਤਰ ਮਿਲਿਆ, ਸਗੋਂ ਇਹ ਸੀ ਕਿ ਉਸ ਨੇ ਸਾਰੀ ਉਮਰ ਪਰਮੇਸ਼ੁਰ ਦੀ ਆਗਿਆ, ਉਸ ਦੇ ਹੁਕਮਾਂ, ਉਸ ਦੀਆਂ ਵਿਧੀਆਂ ਅਤੇ ਉਸ ਦੀਆਂ ਬਿਵਸਥਾਵਾਂ ਦੀ ਪਾਲਣਾ ਕੀਤੀ।
ਇਹ ਉਹੀ ਗਵਾਹੀ ਹੈ ਜਿਸ ਨੂੰ ਪਰਮੇਸ਼ੁਰ ਨੇ ਆਪ ਸਾਰੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਹੈ।
ਮਸੀਹ ਵਿੱਚ ਤੁਹਾਡਾ ਭਰਾ,
ਰਸੂਲ ਅਸ਼ੋਕ ਮਾਰਟਿਨ