ਯਿਸੂ ਮਸੀਹ — ਰਾਹ ਵੀ, ਅਤੇ ਮੰਜ਼ਿਲ ਵੀ
> “ਯਿਸੂ ਨੇ ਉਸ ਨੂੰ ਆਖਿਆ, ਰਾਹ ਅਤੇ ਸੱਚਾਈ ਅਤੇ ਜੀਉਣ ਮੈਂ ਹੀ ਹਾਂ; ਮੇਰੇ ਰਾਹੀਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸਕਦਾ।” — ਯੂਹੰਨਾ 14:6
ਬਹੁਤ ਸਾਰੇ ਵਿਸ਼ਵਾਸੀ ਸੋਚਦੇ ਹਨ ਕਿ ਮਸੀਹੀ ਜੀਵਨ ਦਾ ਮੁੱਖ ਉਦੇਸ਼ ਕੇਵਲ ਸਵਰਗ ਤੱਕ ਪਹੁੰਚਣਾ ਹੈ। ਪਰ ਪਵਿੱਤਰ ਸ਼ਾਸਤਰ ਇਸ ਤੋਂ ਵੀ ਡੂੰਘੀ ਸੱਚਾਈ ਪ੍ਰਗਟ ਕਰਦਾ ਹੈ। ਉਧਾਰ ਦਾ ਲਕਸ਼ ਕੇਵਲ ਕੋਈ ਥਾਂ ਨਹੀਂ, ਸਗੋਂ ਇੱਕ ਵਿਅਕਤਿਤਵ ਹੈ — ਆਪ ਯਿਸੂ ਮਸੀਹ। ਯਿਸੂ ਨੇ ਇਹ ਨਹੀਂ ਕਿਹਾ, “ਮੈਂ ਸਵਰਗ ਦਾ ਰਾਹ ਹਾਂ,” ਪਰ ਉਹ ਨੇ ਕਿਹਾ, “ਮੈਂ ਹੀ ਰਾਹ ਹਾਂ।” ਅਰਥਾਤ ਵਿਸ਼ਵਾਸੀ ਦੀ ਅੰਤਿਮ ਮੰਜ਼ਿਲ ਪਿਤਾ ਕੋਲ ਪਹੁੰਚਣਾ ਹੈ, ਅਤੇ ਇਹ ਕੇਵਲ ਮਸੀਹ ਨਾਲ ਇਕਤਾ ਰਾਹੀਂ ਸੰਭਵ ਹੈ।
ਸੁਸਮਾਚਾਰ ਕੇਵਲ ਨਰਕ ਤੋਂ ਬਚਣ ਜਾਂ ਸਵਰਗ ਵਿੱਚ ਦਾਖ਼ਲ ਹੋਣ ਦਾ ਸੰਦੇਸ਼ ਨਹੀਂ। ਮਸੀਹ ਨੇ ਦੁੱਖ ਸਹਿਆ “ਤਾਂ ਜੋ ਉਹ ਸਾਨੂੰ ਪਰਮੇਸ਼ੁਰ ਕੋਲ ਲੈ ਜਾਵੇ” (1 ਪਤਰਸ 3:18)। ਅਨੰਤ ਜੀਵਨ ਦਾ ਅਰਥ ਸਿਰਫ਼ ਮੌਤ ਤੋਂ ਬਾਅਦ ਸਦੀਵੀ ਜੀਉਣਾ ਨਹੀਂ, ਸਗੋਂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਜਾਣਨਾ ਹੈ (ਯੂਹੰਨਾ 17:3)। ਜੇ ਮਸੀਹ ਨਾ ਹੋਵੇ, ਤਾਂ ਸਵਰਗ ਦੀ ਸਾਰੀ ਮਹਿਮਾ ਵੀ ਅਰਥਹੀਨ ਹੋ ਜਾਂਦੀ ਹੈ, ਕਿਉਂਕਿ ਵਿਸ਼ਵਾਸੀ ਦੀ ਅਸਲੀ ਵਿਰਾਸਤ ਆਪ ਮਸੀਹ ਹਨ।
ਪੌਲੁਸ ਦੀ ਸਭ ਤੋਂ ਡੂੰਘੀ ਇੱਛਾ ਕੇਵਲ ਇਸ ਧਰਤੀ ਨੂੰ ਛੱਡਣ ਦੀ ਨਹੀਂ ਸੀ, ਪਰ “ਮਸੀਹ ਦੇ ਨਾਲ ਰਹਿਣ” ਦੀ ਸੀ (ਫ਼ਿਲਿੱਪੀਆਂ 1:23)। ਇੱਕ ਪਰਿਪੱਕ ਵਿਸ਼ਵਾਸੀ ਦੀ ਪੁਕਾਰ ਸੋਨੇ ਦੀਆਂ ਸੜਕਾਂ ਦੇ ਲਈ ਨਹੀਂ, ਸਗੋਂ ਯਿਸੂ ਨਾਲ ਹੋਰ ਡੂੰਘੀ ਸੰਗਤ ਲਈ ਹੁੰਦੀ ਹੈ। ਉਧਾਰ ਦਾ ਸਭ ਤੋਂ ਵੱਡਾ ਇਨਾਮ ਸਵਰਗ ਨਹੀਂ — ਸਗੋਂ ਆਪ ਮਸੀਹ ਹਨ।
ਇਸ ਲਈ ਮਸੀਹੀ ਜੀਵਨ ਕੇਵਲ ਕਿਸੇ ਥਾਂ-ਬਦਲਾਅ ਦਾ ਵਿਸ਼ਾ ਨਹੀਂ, ਸਗੋਂ ਇੱਕ ਜੀਉਂਦੇ ਰਿਸ਼ਤੇ ਦਾ ਸੱਦਾ ਹੈ; ਕੇਵਲ ਸਵਰਗ ਤੱਕ ਪਹੁੰਚਣ ਦਾ ਨਹੀਂ, ਸਗੋਂ ਮਸੀਹ ਵਿੱਚ ਇੱਕ ਹੋ ਜਾਣ ਦਾ ਰਾਹ ਹੈ। ਯਿਸੂ ਕੇਵਲ ਉਹ ਰਾਹ ਨਹੀਂ ਜਿਸ ਉੱਤੇ ਅਸੀਂ ਤੁਰਦੇ ਹਾਂ — ਉਹ ਆਪ ਉਹ ਮੰਜ਼ਿਲ ਹਨ, ਜਿਸ ਲਈ ਮਨੁੱਖ ਦੀ ਆਤਮਾ ਰਚੀ ਗਈ ਹੈ।
ਮਸੀਹ ਵਿੱਚ ਤੁਹਾਡਾ ਭਰਾ,
ਪ੍ਰੇਰੀਤ ਅਸ਼ੋਕ ਮਾਰਟਿਨ